'ਮੇਰੀਆਂ ਤਿੰਨ ਧੀਆਂ, ਘਰੋਂ ਬਾਹਰ ਨਿਕਲਣ ਤੋਂ ਡਰ ਲੱਗਦਾ,' ਪੰਜਾਬ 'ਚ ਕਤਲ ਦੀਆਂ ਘਟਨਾਵਾਂ ਨੇ ਕਿਵੇਂ ਵਧਾਈ ਚਿੰਤਾ, ਕੀ ਕਹਿੰਦੇ ਅੰਕੜੇ?

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 12 ਮਿੰਟ
ਨੋਟ: ਇਸ ਰਿਪੋਰਟ ਵਿੱਚ ਦਿੱਤੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।
"ਬਹੁਤ ਡਰ ਲੱਗਦਾ ਹੈ। ਮੇਰੀਆਂ ਤਿੰਨ ਧੀਆਂ ਹਨ। ਅਸੀਂ ਘਰੋਂ ਬਾਹਰ ਵੀ ਨਿਕਲਣਾ ਹੈ, ਪਰ ਅਸੀਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਾਂ।"
ਇਹ ਕਹਿਣਾ ਰਾਜਵਿੰਦਰ ਕੌਰ ਦਾ ਹੈ, ਜਿਨ੍ਹਾਂ ਦੇ ਪਤੀ ਗੁਰਸੇਵਕ ਸਿੰਘ ਦਾ 28 ਅਕਤੂਬਰ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਖੇਮਕਰਨ ਵਿੱਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪਤੀ ਦੇ ਕਤਲ ਤੋਂ ਬਾਅਦ ਰਾਜਵਿੰਦਰ ਕੌਰ ਨੂੰ ਆਪਣੀ ਅਤੇ ਆਪਣੀਆਂ ਤਿੰਨ ਧੀਆਂ ਦੀ ਸੁਰੱਖਿਆ ਦੀ ਚਿੰਤਾ ਸਤਾਉਂਦੀ ਹੈ।
ਰਾਜਵਿੰਦਰ ਕੌਰ ਦਾ ਪਰਿਵਾਰ ਹੀ ਇਕੱਲਾ ਅਜਿਹਾ ਪਰਿਵਾਰ ਨਹੀਂ ਹੈ, ਜਿਸ ਨੂੰ ਪੰਜਾਬ ਵਿੱਚ ਗੋਲੀਬਾਰੀ ਅਤੇ ਕਤਲ ਦੀਆਂ ਘਟਨਾਵਾਂ ਤੋਂ ਬਾਅਦ ਆਪਣੀ ਸੁਰੱਖਿਆ ਦੀ ਚਿੰਤਾ ਹੈ।
ਪਿਛਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਵਿੱਚ ਗੋਲੀਬਾਰੀ, ਕਤਲ ਅਤੇ ਗੈਂਗਸਟਰਾਂ ਨਾਲ ਜੁੜੀਆਂ ਕਈ ਅਪਰਾਧਿਕ ਘਟਨਾਵਾਂ ਸਾਹਮਣੇ ਆਈਆਂ ਹਨ।
ਕਈ ਮਾਮਲਿਆਂ ਵਿੱਚ ਨਿੱਜੀ ਵਿਵਾਦ ਅਤੇ ਮਾਮੂਲੀ ਬਹਿਸਾਂ ਵੀ ਗੋਲੀਬਾਰੀ ਅਤੇ ਕਤਲ ਦਾ ਰੂਪ ਧਾਰ ਰਹੀਆਂ ਹਨ। ਦੂਜੇ ਪਾਸੇ, ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਫਿਰੌਤੀ ਲਈ ਧਮਕੀਆਂ ਮਿਲਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ।
ਇਨ੍ਹਾਂ ਘਟਨਾਵਾਂ ਕਾਰਨ ਲੋਕ ਸੂਬੇ ਦੀ ਕਾਨੂੰਨ-ਵਿਵਸਥਾ ਉੱਤੇ ਸਵਾਲ ਚੁੱਕ ਰਹੇ ਹਨ।
ਹਾਲਾਂਕਿ, ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਸੂਬੇ ਵਿੱਚ ਅਪਰਾਧਾਂ ਦੀ ਦਰ ਕਈ ਹੋਰ ਸੂਬਿਆਂ ਦੇ ਮੁਕਾਬਲੇ ਘੱਟ ਹੈ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਅਪਰਾਧਾਂ ਦੇ ਅੰਕੜਿਆਂ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ।
ਪਰ ਐੱਨਸੀਆਰਬੀ ਦੇ ਅੰਕੜੇ ਪੰਜਾਬ ਵਿੱਚ ਕਤਲ ਅਤੇ ਆਰਮਜ਼ ਐਕਟ ਦੇ ਮਾਮਲਿਆਂ ਵਿੱਚ ਵਾਧਾ ਦਰਸਾਉਂਦੇ ਹਨ।
ਅਜਿਹੇ ਵਿੱਚ ਸਵਾਲ ਹੈ ਕਿ ਪੰਜਾਬ ਵਿੱਚ ਅਪਰਾਧਿਕ ਘਟਨਾਵਾਂ ਦੀ ਅਸਲ ਸਥਿਤੀ ਕੀ ਹੈ? ਲੋਕਾਂ ਵਿੱਚ ਸਹਿਮ ਦਾ ਮਾਹੌਲ ਕਿਉਂ ਹੈ?
ਗੁਰਸੇਵਕ ਸਿੰਘ ਦਾ ਕਤਲ ਕਿਵੇਂ ਹੋਇਆ ਸੀ?

ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਅਸਲ ਉੱਤਾੜ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਦੀ ਖੇਮਕਰਨ ਵਿੱਚ ਮਹਿੰਦੀਪੁਰ ਫਾਟਕ ਨੇੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦੋ ਵਿਅਕਤੀਆਂ ਨੇ ਉਸ ਦੀ ਕਾਰ ਉੱਤੇ ਕਥਿਤ ਤੌਰ 'ਤੇ ਗੋਲੀਆਂ ਚਲਾਈਆਂ, ਜਿਸ ਵਿੱਚ ਗੁਰਸੇਵਕ ਸਿੰਘ ਅਤੇ ਦੋ ਹੋਰ ਵਿਅਕਤੀ ਸਵਾਰ ਸਨ।
ਗੁਰਸੇਵਕ ਸਿੰਘ ਅਪ੍ਰੈਲ ਮਹੀਨੇ ਅਮਰੀਕਾ ਤੋਂ ਪੰਜਾਬ ਆਏ ਸਨ ਅਤੇ ਮਗਰੋਂ ਇੱਥੇ ਆੜ੍ਹਤ ਅਤੇ ਖੇਤੀਬਾੜੀ ਦਾ ਕੰਮ ਕਰਨ ਲੱਗ ਪਏ ਸਨ।
ਕਤਲ ਦੀ ਘਟਨਾ 28 ਅਕਤੂਬਰ ਨੂੰ ਦੁਪਹਿਰ ਕਰੀਬ 12 ਵਜੇ ਵਾਪਰੀ ਸੀ। ਗੁਰਸੇਵਕ ਸਿੰਘ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ ਸਨ। ਬਾਅਦ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।
ਉਨ੍ਹਾਂ ਦੇ ਦੋ ਸਾਥੀ, ਜਿਨ੍ਹਾਂ ਦੀ ਪਛਾਣ ਹਰਕਿਰਤ ਸਿੰਘ ਅਤੇ ਸਜਨਪ੍ਰੀਤ ਸਿੰਘ ਵਜੋਂ ਹੋਈ ਸੀ, ਵੀ ਗੰਭੀਰ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਪੁਲਿਸ ਮੁਤਾਬਕ, ਥਾਰ ਗੱਡੀ ਵਿੱਚ ਸਵਾਰ ਦੋ ਵਿਅਕਤੀਆਂ ਨੇ ਪੀੜਤਾਂ ਦੀ ਡਸਟਰ ਕਾਰ ਦਾ ਪਿੱਛਾ ਕੀਤਾ ਅਤੇ ਉਸ ਵਿੱਚ ਸਵਾਰ ਵਿਅਕਤੀਆਂ ਉੱਤੇ ਗੋਲੀਆਂ ਚਲਾ ਦਿੱਤੀਆਂ।
ਇਸ ਗੋਲੀਬਾਰੀ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਵੀਡੀਓ ਵਿੱਚ ਹਮਲਾਵਰਾਂ ਨੂੰ ਕਾਰ ਉੱਤੇ ਲਗਾਤਾਰ ਗੋਲੀਆਂ ਚਲਾਉਂਦੇ ਦੇਖਿਆ ਜਾ ਸਕਦਾ ਸੀ। ਪੁਲਿਸ ਮੁਤਾਬਕ, ਗੋਲੀਬਾਰੀ ਦੀ ਇੱਕ ਵੀਡੀਓ ਮੁੱਖ ਮੁਲਜ਼ਮ ਦੀ ਪਤਨੀ ਨੇ ਕਾਰ ਅੰਦਰੋਂ ਰਿਕਾਰਡ ਕੀਤੀ ਸੀ।
'ਪੰਡਿਤ ਜੀ ਦੇ ਛੋਲੇ ਕੁਲਚੇ' ਦੁਕਾਨ ਮਾਲਕ ਦੇ ਪੁੱਤਰ ਦੀ ਮੌਤ ਕਿਵੇਂ ਹੋਈ?

ਲੁਧਿਆਣਾ ਦੇ ਮਸ਼ਹੂਰ 'ਪੰਡਿਤ ਜੀ ਦੇ ਛੋਲੇ ਕੁਲਚੇ' ਦੁਕਾਨ ਦੇ ਮਾਲਕ ਕੁਲਦੀਪ ਕੁਮਾਰ ਸ਼ਰਮਾ ਦੇ 34 ਸਾਲਾ ਪੁੱਤਰ ਰਾਹੁਲ ਸ਼ਰਮਾ ਦੀ 21 ਅਤੇ 22 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਇੱਕ ਜਨਮ ਦਿਨ ਦੀ ਪਾਰਟੀ ਵਿੱਚ ਗੋਲੀ ਲੱਗਣ ਮਗਰੋਂ ਮੌਤ ਹੋ ਗਈ ਸੀ।
ਇਹ ਘਟਨਾ ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਪਿੰਡ ਦਾਦ ਦੇ ਨਜ਼ਦੀਕ ਵਾਪਰੀ ਸੀ। ਰਾਹੁਲ ਆਪਣੇ ਦੋਸਤ ਅਖਿਲ ਜੋਸ਼ੀ ਦੀ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਗਿਆ ਸੀ। ਇਸ ਪਾਰਟੀ ਵਿੱਚ ਕਥਿਤ ਤੌਰ 'ਤੇ 8 ਤੋਂ 10 ਲੋਕ ਮੌਜੂਦ ਸਨ।
ਪੁਲਿਸ ਦੀ ਸ਼ੁਰੂਆਤੀ ਜਾਂਚ ਅਤੇ ਐੱਫਆਈਆਰ ਮੁਤਾਬਕ, ਰਾਹੁਲ ਨੂੰ ਦੋ ਗੋਲੀਆਂ ਲੱਗੀਆਂ। ਉਸ ਨੂੰ ਇਲਾਜ ਲਈ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਰਾਹੁਲ ਦੇ ਪਿਤਾ ਕੁਲਦੀਪ ਕੁਮਾਰ ਸ਼ਰਮਾ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਦਰ ਦੀ ਪੁਲਿਸ ਨੇ ਨੌਂ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਸੀ।
ਮੁਲਜ਼ਮਾਂ ਵਿੱਚ ਜਨਮ ਦਿਨ ਦੀ ਪਾਰਟੀ ਦੇ ਮੇਜ਼ਬਾਨ ਅਖਿਲ ਜੋਸ਼ੀ ਅਤੇ ਗਗਨਦੀਪ ਸਿੰਘ ਅਰੋੜਾ ਉਰਫ਼ ਗਗਨ ਅਰੋੜਾ ਵੀ ਸ਼ਾਮਲ ਸਨ। ਗਗਨ ਅਰੋੜਾ ਉੱਤੇ ਗੋਲੀ ਚਲਾਉਣ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਹੈ।
ਪੁਲਿਸ ਨੇ ਬਾਅਦ ਵਿੱਚ ਤਿੰਨ ਮੁਲਜ਼ਮਾਂ ਗਗਨ, ਸਾਗਰ ਅਤੇ ਸਕਸ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਅਸੁਰੱਖਿਅਤ ਕਿਉਂ ਮਹਿਸੂਸ ਕਰਦੇ?

ਰਾਜਵਿੰਦਰ ਕੌਰ ਕਹਿੰਦੇ ਹਨ, "ਹੁਣ ਬਹੁਤ ਅਸੁਰੱਖਿਅਤ ਮਹਿਸੂਸ ਹੁੰਦਾ ਹੈ। ਅਸੀਂ ਘਰ ਵਿੱਚ ਹਮੇਸ਼ਾ ਬੰਦ ਨਹੀਂ ਰਹਿ ਸਕਦੇ। ਦੁਨੀਆ ਵਿੱਚ ਵਿਚਰਨਾ ਹੈ। ਸਰਦਾਰ ਸਾਹਿਬ ਵਾਲੇ ਸਾਰੇ ਕੰਮ ਕਰਨੇ ਹਨ। ਡਰ ਲੱਗਦਾ ਰਹਿੰਦਾ ਹੈ।"
"ਉਹ ਆਪਣੀ ਜ਼ਿੰਦਗੀ ਜਿਉਣ ਅਮਰੀਕਾ ਤੋਂ ਪੰਜਾਬ ਆਏ ਸੀ। ਉਹ ਆਪਣੇ ਬੱਚਿਆਂ ਨਾਲ ਰਹਿਣਾ ਚਾਹੁੰਦੇ ਸੀ। ਹੁਣ ਪਛਤਾਵਾ ਹੁੰਦਾ ਹੈ ਕਿ ਉਹ ਅਮਰੀਕਾ ਤੋਂ ਪੰਜਾਬ ਕਿਉਂ ਆਏ।"
"ਜਦੋਂ ਉਨ੍ਹਾਂ ਉੱਤੇ ਗੋਲੀਆਂ ਚੱਲ ਰਹੀਆਂ ਸਨ ਤਾਂ ਉਹ ਮਿੰਨਤਾਂ ਕਰ ਰਹੇ ਸਨ ਕਿ ਮੇਰੀ ਗੱਲ ਸੁਣ ਲਵੋ। ਪਰ ਮੁਲਜ਼ਮਾਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਹ ਸਮਝ ਰਹੇ ਸਨ ਕਿ ਉਹ ਅਮਰੀਕਾ ਵਿੱਚ ਹਨ, ਜਿੱਥੇ ਲੋਕ ਗੱਲ ਸੁਣ ਲੈਂਦੇ ਹਨ। ਉਹ ਭੁੱਲ ਗਏ ਸਨ ਕਿ ਉਹ ਪੰਜਾਬ ਵਿੱਚ ਹਨ।"
ਰਾਹੁਲ ਦੇ ਪਿਤਾ ਕੁਲਦੀਪ ਸ਼ਰਮਾ ਕਹਿੰਦੇ ਹਨ, "ਮੁਲਜ਼ਮ ਬਿਨਾਂ ਕਾਨੂੰਨ ਦੇ ਡਰ ਤੋਂ ਗੋਲੀਆਂ ਚਲਾ ਰਹੇ ਹਨ। ਸਾਰੇ ਲੋਕ ਡਰੇ ਹੋਏ ਹਨ। ਸਾਨੂੰ ਵੀ ਡਰ ਲੱਗਦਾ ਹੈ, ਪਰ ਸਾਡਾ ਹੁਣ ਕੋਈ ਕੀ ਵਿਗਾੜ ਸਕਦਾ ਹੈ। ਸਭ ਕੁਝ ਤਾਂ ਵਿਗੜ ਗਿਆ ਹੈ।"
ਮ੍ਰਿਤਕਾਂ ਦੇ ਪਰਿਵਾਰ ਸਰਕਾਰ ਨੂੰ ਜ਼ਿੰਮੇਵਾਰ ਕਿਉਂ ਮੰਨ ਰਹੇ?

ਗੁਰਸੇਵਕ ਅਤੇ ਰਾਹੁਲ ਦੀਆਂ ਮੌਤਾਂ ਲਈ ਇਨ੍ਹਾਂ ਦੇ ਪਰਿਵਾਰ ਪੰਜਾਬ ਦੀ ਕਾਨੂੰਨ-ਵਿਵਸਥਾ ਨੂੰ ਜ਼ਿੰਮੇਵਾਰ ਮੰਨ ਰਹੇ ਹਨ। ਉਹ ਆਖਦੇ ਹਨ ਕਿ ਮੁਲਜ਼ਮਾਂ ਨੂੰ ਕਾਨੂੰਨ ਦਾ ਕੋਈ ਭੈਅ ਨਹੀਂ ਹੈ। ਲੋਕ ਸ਼ਰੇਆਮ ਗੋਲੀਆਂ ਚਲਾ ਰਹੇ ਹਨ, ਕਤਲ ਕਰ ਰਹੇ ਹਨ। ਉਨ੍ਹਾਂ ਨੂੰ ਕੋਈ ਡਰ ਨਹੀਂ ਹੈ।
39 ਸਾਲਾ ਰਾਜਵਿੰਦਰ ਕੌਰ ਆਪਣੇ ਪਤੀ ਦੇ ਕਤਲ ਲਈ ਸਰਕਾਰ ਨੂੰ ਵੀ ਜ਼ਿੰਮੇਵਾਰ ਮੰਨਦੀ ਹੈ।
ਉਹ ਕਹਿੰਦੇ ਹਨ, "ਜੇਕਰ ਸਰਕਾਰ ਦਾ ਇਰਾਦਾ ਹੋਵੇ ਤਾਂ ਇਵੇਂ ਨਹੀਂ ਹੋ ਸਕਦਾ। ਕਿਸੇ ਕੋਲ ਕੀ ਹੱਕ ਹੈ ਕਿਸੇ ਨੂੰ ਜਾਨੋਂ ਮਾਰਨ ਦਾ?"
ਦੀਪਕਾ ਵੀ ਆਪਣੇ ਪਤੀ ਦੀ ਮੌਤ ਲਈ ਸਰਕਾਰ ਨੂੰ ਜ਼ਿੰਮੇਵਾਰ ਮੰਨਦੀ ਹੈ।
ਦੀਪਕਾ ਕਹਿੰਦੇ ਹਨ, "ਸਰਕਾਰ ਹੀ ਮੇਰੇ ਪਤੀ ਦੇ ਕਤਲ ਲਈ ਜ਼ਿੰਮੇਵਾਰ ਹੈ। ਜੇਕਰ ਸਰਕਾਰ ਨੇ ਚੰਗੇ ਕਾਨੂੰਨ ਬਣਾਏ ਹੁੰਦੇ ਤਾਂ ਅਜਿਹਾ ਨਾ ਹੁੰਦਾ। ਸਾਡਾ ਕਸੂਰ ਕੀ ਹੈ? ਅਸੀਂ ਤਾਂ ਇਨਸਾਫ਼ ਹੀ ਮੰਗ ਰਹੇ ਹਾਂ। ਕੀ ਇਨਸਾਫ਼ ਮੰਗਣਾ ਜੁਰਮ ਹੈ?"
"ਜੇ ਸਰਕਾਰ ਚੰਗੀ ਹੁੰਦੀ ਤਾਂ ਮੁਲਜ਼ਮ ਗੋਲੀ ਮਾਰਨ ਤੋਂ ਪਹਿਲਾਂ ਸੌ ਵਾਰ ਸੋਚਦਾ ਕਿ ਗੋਲੀ ਮਾਰਨ ਮਗਰੋਂ ਕੀ ਅੰਜਾਮ ਹੋਵੇਗਾ।"
ਪੀੜਤਾਂ ਦੇ ਪਰਿਵਾਰ ਜਾਂਚ ਤੋਂ ਅਸੰਤੁਸ਼ਟ ਕਿਉਂ?

ਰਾਹੁਲ ਦੀ 30 ਸਾਲਾ ਪਤਨੀ ਦੀਪਕਾ ਸ਼ਰਮਾ ਕਹਿੰਦੇ ਹਨ, "ਸਾਨੂੰ ਨਹੀਂ ਪਤਾ ਸੀ ਕਿ ਦੁਨੀਆ ਵਿੱਚ ਐਨਾ ਹਨੇਰਾ ਹੈ। ਲੋਕਾਂ ਦੇ ਮਨ ਵਿੱਚ ਐਨਾ ਹਨੇਰਾ ਹੈ। ਹੁਣ ਵੀ ਅਸੀਂ ਉਮੀਦ ਕਰਦੇ ਹਾਂ ਕਿ ਦਸ ਵਿੱਚੋਂ ਦੋ-ਤਿੰਨ ਲੋਕ ਤਾਂ ਚੰਗੇ ਹੋਣਗੇ, ਜੋ ਸਾਨੂੰ ਇਨਸਾਫ਼ ਦਿਵਾ ਸਕਣ।"
ਉਹ ਕਹਿੰਦੇ ਹਨ, "ਪੁਲਿਸ ਨੇ ਨੌਂ ਮੁਲਜ਼ਮਾਂ ਵਿੱਚੋਂ ਤਿੰਨ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ। ਬਾਕੀ ਛੇ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਸਾਨੂੰ ਪੁਲਿਸ ਵੱਲੋਂ ਜਾਣਕਾਰੀ ਨਹੀਂ ਮਿਲ ਰਹੀ ਕਿ ਬਾਕੀ ਮੁਲਜ਼ਮਾਂ ਨੂੰ ਫੜਨ ਦੀ ਕੋਈ ਕੋਸ਼ਿਸ਼ ਹੋ ਰਹੀ ਹੈ ਜਾਂ ਨਹੀਂ।"
ਉਹ ਅੱਗੇ ਕਹਿੰਦੇ ਹਨ, "ਪੁਲਿਸ ਹੁਣ ਇਸ ਨੂੰ ਗ਼ਲਤੀ ਨਾਲ ਗੋਲੀ ਚੱਲਣ ਕਾਰਨ ਹੋਈ ਮੌਤ ਦਾ ਮਾਮਲਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੇਰੇ ਪਤੀ ਦਾ ਕਤਲ ਹੋਇਆ ਹੈ। ਪੁਲਿਸ ਨੂੰ ਕਤਲ ਦੇ ਕਾਰਨਾਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।"
ਰਾਜਵਿੰਦਰ ਕੌਰ ਕਹਿੰਦੇ ਹਨ, "ਮੇਰੇ ਪਤੀ ਦਾ ਸਾਜ਼ਿਸ਼ ਤਹਿਤ ਕਤਲ ਹੋਇਆ ਹੈ। ਪੁਲਿਸ ਡੂੰਘਾਈ ਨਾਲ ਕੇਸ ਦੀ ਜਾਂਚ ਨਹੀਂ ਕਰ ਰਹੀ। ਸਾਨੂੰ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟੀ ਨਹੀਂ ਹੈ। ਕਤਲ ਵਿੱਚ ਹੋਰ ਵੀ ਮੁਲਜ਼ਮ ਸ਼ਾਮਲ ਹਨ। ਉਨ੍ਹਾਂ ਨੂੰ ਜਾਂਚ ਦੇ ਘੇਰੇ ਵਿੱਚ ਨਹੀਂ ਲਿਆਂਦਾ ਜਾ ਰਿਹਾ।"
ਤਰਨ ਤਾਰਨ ਪੁਲਿਸ ਨੇ ਕੀ ਕਿਹਾ?

ਤਰਨ ਤਾਰਨ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਵਜੋਂ ਖੇਮਕਰਨ ਦੇ ਰਹਿਣ ਵਾਲੇ ਟਰਾਂਸਪੋਰਟਰ ਮਨਜੀਤ ਸਿੰਘ ਉਰਫ਼ ਕੱਟਾ ਦੀ ਪਛਾਣ ਕੀਤੀ ਸੀ। ਉਸ ਦੇ ਭਰਾ ਸੰਦੀਪ ਸਿੰਘ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਪੁਲਿਸ ਨੇ 29 ਅਕਤੂਬਰ ਨੂੰ ਮੁੱਖ ਮੁਲਜ਼ਮ ਮਨਜੀਤ ਸਿੰਘ ਉਰਫ਼ ਕੱਟਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਹੋਰ ਮੁਲਜ਼ਮਾਂ ਵਿੱਚ ਸੰਦੀਪ ਅਤੇ ਮਨਜੀਤ ਸਿੰਘ ਦੇ ਪਿਤਾ ਓਂਕਾਰ ਸਿੰਘ ਅਤੇ ਪਿੰਡ ਅਸਲ ਉੱਤਾੜ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਦੇ ਨਾਂ ਸ਼ਾਮਲ ਸਨ। ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਤੋਂ ਇਲਾਵਾ, ਮਨਜੀਤ ਸਿੰਘ ਦੀ ਪਤਨੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਉਨ੍ਹਾਂ ਕਿਹਾ, "ਤਰਨ ਤਾਰਨ ਵਿੱਚ ਪਿਛਲੇ ਇੱਕ ਸਾਲ ਵਿੱਚ ਗੋਲੀਆਂ ਚਲਾਉਣ ਦੇ 90% ਕੇਸ ਟਰੇਸ ਹਨ। ਇਨ੍ਹਾਂ ਕੇਸਾਂ ਵਿੱਚ 150 ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਲੁਧਿਆਣਾ ਪੁਲਿਸ ਨੇ ਕੀ ਕਿਹਾ?
ਲੁਧਿਆਣਾ ਪੁਲਿਸ ਦੇ ਏਸੀਪੀ (ਸਾਊਥ) ਅੰਗਰੇਜ਼ ਸਿੰਘ ਨੇ ਕਿਹਾ, "ਪੁਲਿਸ ਨੇ ਰਾਹੁਲ ਦੀ ਮੌਤ ਦੇ ਮਾਮਲੇ ਵਿੱਚ ਕਤਲ ਦੇ ਇਲਜ਼ਾਮਾਂ ਤਹਿਤ ਐੱਫਆਈਆਰ ਦਰਜ ਕੀਤੀ ਹੋਈ ਹੈ ਅਤੇ ਜਾਂਚ ਚੱਲ ਰਹੀ ਹੈ। ਅਸੀਂ ਕੇਸ ਦੀ ਜਾਂਚ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ।"
ਜ਼ਿਕਰਯੋਗ ਹੈ ਕਿ ਪੁਲਿਸ ਨੇ ਇਸ ਕੇਸ ਵਿੱਚ 9 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਨ੍ਹਾਂ ਵਿੱਚੋਂ ਹੁਣ ਤੱਕ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਮੁਲਾਜ਼ਮਾਂ ਦੇ ਕਤਲ

ਇਸੇ ਦੌਰਾਨ ਪਿਛਲੇ ਦਸ ਮਹੀਨਿਆਂ ਵਿੱਚ ਪੁਲਿਸ ਦੇ ਚਾਰ ਮੁਲਾਜ਼ਮਾਂ ਅਤੇ ਹੋਮ ਗਾਰਡ ਦੇ ਇੱਕ ਜਵਾਨ ਦਾ ਵੀ ਕਤਲ ਹੋਇਆ ਹੈ।
22 ਫਰਵਰੀ ਨੂੰ ਗੁਰਦਾਸਪੁਰ ਦੇ ਇੱਕ ਪੁਲਿਸ ਥਾਣੇ ਦੇ ਅੰਦਰ ਏਐੱਸਆਈ ਗੁਰਨਾਮ ਸਿੰਘ ਅਤੇ ਹੋਮ ਗਾਰਡ ਦੇ ਜਵਾਨ ਅਸ਼ੋਕ ਕੁਮਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
24 ਮਈ ਨੂੰ ਮਜੀਠਾ ਵਿੱਚ ਏਐੱਸਆਈ ਜੋਗਾ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 17 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਏਐੱਸਆਈ ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
11 ਅਕਤੂਬਰ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਨੌਸ਼ਹਿਰਾ ਪੰਨੂਆਂ ਪਿੰਡ ਦੇ ਵਸਨੀਕ ਏਐੱਸਆਈ ਇਕਬਾਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਮਾਹਰਾਂ ਨੇ ਕੀ ਕਿਹਾ?

ਪੰਜਾਬ ਪੁਲਿਸ ਵਿੱਚੋਂ ਬਤੌਰ ਡੀਐੱਸਪੀ ਸੇਵਾਮੁਕਤ ਹੋਏ ਸੁਖਦੇਵ ਸਿੰਘ ਕਹਿੰਦੇ ਹਨ ਕਿ ਕਾਨੂੰਨ-ਵਿਵਸਥਾ ਨੂੰ ਲੈ ਕੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋਣ ਪਿੱਛੇ ਸੋਸ਼ਲ ਮੀਡੀਆ ਦਾ ਵੀ ਯੋਗਦਾਨ ਹੈ।
ਉਨ੍ਹਾਂ ਕਿਹਾ, "ਕਤਲ ਦੀਆਂ ਘਟਨਾਵਾਂ ਵੀਡੀਓ ਵਿੱਚ ਰਿਕਾਰਡ ਹੋ ਜਾਂਦੀਆਂ ਹਨ ਅਤੇ ਫਿਰ ਸੋਸ਼ਲ ਮੀਡੀਆ ਉੱਤੇ ਘੁੰਮਦੀਆਂ ਰਹਿੰਦੀਆਂ ਹਨ। ਇਸ ਨਾਲ ਲੋਕਾਂ ਦੀ ਮਾਨਸਿਕਤਾ ਉੱਤੇ ਅਸਰ ਪੈਂਦਾ ਹੈ। ਇਸ ਲਈ ਭਾਵੇਂ ਅਪਰਾਧਿਕ ਘਟਨਾਵਾਂ ਵਿੱਚ ਜ਼ਿਆਦਾ ਵਾਧਾ ਨਹੀਂ ਹੋਇਆ, ਪਰ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।"
"ਹਾਲਾਂਕਿ, ਲੁੱਟ-ਖੋਹ ਅਤੇ ਫ਼ਿਰੌਤੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਪ੍ਰਤੀਤ ਹੁੰਦਾ ਹੈ।"
ਕਾਨੂੰਨ-ਵਿਵਸਥਾ ਵਿੱਚ ਸੁਧਾਰ ਲਿਆਉਣ ਲਈ ਉਹ ਸੁਝਾਅ ਦਿੰਦੇ ਹਨ, "ਕੇਂਦਰ ਅਤੇ ਸੂਬੇ ਦੀਆਂ ਕਈ ਖੁਫੀਆ ਏਜੰਸੀਆਂ ਸਰਗਰਮ ਹਨ, ਪਰ ਇਨ੍ਹਾਂ ਵਿੱਚ ਤਾਲਮੇਲ ਦੀ ਘਾਟ ਹੈ। ਇਨ੍ਹਾਂ ਏਜੰਸੀਆਂ ਵਿਚਾਲੇ ਤਾਲਮੇਲ ਲਈ ਲਗਾਤਾਰ ਮੀਟਿੰਗਾਂ ਹੋਣੀਆਂ ਚਾਹੀਦੀਆਂ ਹਨ।"
"ਇਸ ਤੋਂ ਇਲਾਵਾ, ਇਨ੍ਹਾਂ ਏਜੰਸੀਆਂ ਵੱਲੋਂ ਮੁਹੱਈਆ ਕਰਵਾਈ ਜਾਂਦੀ ਜਾਣਕਾਰੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।"
ਕਾਨੂੰਨ-ਵਿਵਸਥਾ ਬਾਰੇ ਰਾਜਪਾਲ ਨੇ ਕੀ ਚਿੰਤਾ ਪ੍ਰਗਟਾਈ?
12 ਨਵੰਬਰ ਨੂੰ ਲੁਧਿਆਣਾ ਫੇਰੀ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬੇ ਦੀ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ "ਚਿੰਤਾਜਨਕ" ਕਰਾਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਲੋਕ ਮਾਮੂਲੀ ਗੱਲਾਂ 'ਤੇ ਇਸ ਤਰ੍ਹਾਂ ਹਥਿਆਰਾਂ ਨਾਲ ਗੋਲੀਆਂ ਚਲਾਉਂਦੇ ਹਨ, ਜਿਵੇਂ ਪਟਾਕੇ ਚਲਾ ਰਹੇ ਹੋਣ।
ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਕਾਨੂੰਨ-ਵਿਵਸਥਾ ਦੀ ਸਥਿਤੀ ਤਸੱਲੀਬਖ਼ਸ਼ ਨਹੀਂ ਹੈ। ਨਾਬਾਲਗ ਵੀ ਗੋਲੀਆਂ ਚਲਾ ਰਹੇ ਹਨ।
'ਗੈਂਗਸਟਰਾਂ 'ਤੇ ਵਾਰ' ਮੁਹਿੰਮ ਦਾ ਕੀ ਅਸਰ ਹੋਇਆ?

ਵਿਸ਼ੇਸ਼ ਡੀਜੀਪੀ (ਕਾਨੂੰਨ-ਵਿਵਸਥਾ) ਪ੍ਰਵੀਨ ਸਿਨਹਾ ਨੇ ਦੱਸਿਆ ਕਿ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ ਪਿਛਲੇ 10 ਮਹੀਨਿਆਂ ਦੌਰਾਨ 20 ਨਵੰਬਰ ਤੱਕ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 1.67 ਲੱਖ ਛਾਪੇ ਮਾਰ ਕੇ ਗੈਂਗਸਟਰਾਂ ਅਤੇ ਉਨ੍ਹਾਂ ਨਾਲ ਜੁੜੇ ਅਪਰਾਧੀਆਂ ਸਮੇਤ 85,598 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਕਬਜ਼ੇ ਵਿੱਚੋਂ ਪੁਲਿਸ ਨੇ 1,497 ਹਥਿਆਰ, 4,561 ਜ਼ਿੰਦਾ ਕਾਰਤੂਸ, 487 ਮੈਗਜ਼ੀਨ, 296 ਤੇਜ਼ਧਾਰ ਹਥਿਆਰ ਅਤੇ 21 ਹੈਂਡ ਗ੍ਰਨੇਡ ਬਰਾਮਦ ਕੀਤੇ ਹਨ।
ਇਸ ਮੁਹਿੰਮ ਦੌਰਾਨ ਪੁਲਿਸ ਟੀਮਾਂ ਨੇ 2,231 ਐਲਾਨੇ ਗਏ ਭਗੌੜੇ ਅਪਰਾਧੀਆਂ (ਪੀਓਜ਼) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
'ਗੈਂਗਸਟਰਾਂ 'ਤੇ ਵਾਰ' ਮੁਹਿੰਮ ਦੀ ਸ਼ੁਰੂਆਤ ਇਸੇ ਸਾਲ 20 ਜਨਵਰੀ ਨੂੰ ਕੀਤੀ ਗਈ ਸੀ।
ਪੰਜਾਬ ਬਿਹਤਰ ਕਾਨੂੰਨ-ਵਿਵਸਥਾ ਵਾਲੇ ਸੂਬਿਆਂ ਵਿੱਚੋਂ ਇੱਕ: ਡੀਜੀਪੀ

ਤਸਵੀਰ ਸਰੋਤ, FB/Punjab Police India
ਪੀਟੀਆਈ ਮੁਤਾਬਕ, ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ 8 ਨਵੰਬਰ ਨੂੰ ਦਾਅਵਾ ਕੀਤਾ ਸੀ ਕਿ ਪੰਜਾਬ ਬਿਹਤਰ ਕਾਨੂੰਨ-ਵਿਵਸਥਾ ਵਾਲੇ ਸੂਬਿਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਆਪਣੇ ਦਾਅਵੇ ਦੇ ਸਮਰਥਨ ਵਿੱਚ ਅਪਰਾਧਾਂ ਨਾਲ ਸਬੰਧਤ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੱਤਾ।
ਸੂਬੇ ਵਿੱਚ ਅਪਰਾਧ ਦੀਆਂ ਘਟਨਾਵਾਂ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ (ਐੱਨਸੀਆਰਬੀ) ਦੇ ਅੰਕੜਿਆਂ ਮੁਤਾਬਕ ਅਪਰਾਧ ਨਾਲ ਸਬੰਧਤ ਕਈ ਮਾਪਦੰਡਾਂ 'ਤੇ ਪੰਜਾਬ ਦੀ ਸਥਿਤੀ ਕਈ ਹੋਰ ਸੂਬਿਆਂ ਨਾਲੋਂ ਬਿਹਤਰ ਹੈ।
ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਮੈਂ ਕਹਿਣਾ ਚਾਹਾਂਗਾ ਕਿ ਜੇਕਰ ਪੰਜਾਬ ਦੀ ਕਾਨੂੰਨ ਵਿਵਸਥਾ ਸਭ ਤੋਂ ਬਿਹਤਰ ਨਹੀਂ ਹੈ ਤਾਂ ਇਹ ਬਿਹਤਰ ਕਾਨੂੰਨ ਵਿਵਸਥਾ ਵਾਲੇ ਸੂਬਿਆਂ ਵਿੱਚੋਂ ਇੱਕ ਹੈ।"
ਅੰਕੜੇ ਕੀ ਕਹਿੰਦੇ ਹਨ?

ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਮੁਤਾਬਕ ਪੰਜਾਬ ਵਿੱਚ ਸਾਲ 2022 ਵਿੱਚ ਕਤਲ ਦੀਆਂ 670 ਘਟਨਾਵਾਂ ਸਾਲ 2023 ਵਿੱਚ 681 ਅਤੇ ਸਾਲ 2024 ਵਿੱਚ 762 ਘਟਨਾਵਾਂ ਵਾਪਰੀਆਂ ਸਨ।
ਪੀਟੀਆਈ ਮੁਤਾਬਕ, ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ 8 ਨਵੰਬਰ ਨੂੰ ਦੱਸਿਆ ਸੀ ਕਿ ਪੰਜਾਬ ਵਿੱਚ ਸਾਲ 2025 ਦੌਰਾਨ ਕਤਲ ਦੇ 652 ਕੇਸ ਦਰਜ ਹੋਏ ਸਨ।
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਮੁਤਾਬਕ, ਪੰਜਾਬ ਵਿੱਚ ਆਰਮਜ਼ ਐਕਟ ਤਹਿਤ ਸਾਲ 2022 ਵਿੱਚ 591 ਕੇਸ ਸਾਲ 2023 ਵਿੱਚ 638 ਕੇਸ ਅਤੇ ਸਾਲ 2024 ਵਿੱਚ 750 ਕੇਸ ਦਰਜ ਹੋਏ ਸਨ।
ਪੀਟੀਆਈ ਮੁਤਾਬਕ, ਕਾਨੂੰਨ-ਵਿਵਸਥਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ 8 ਨਵੰਬਰ ਨੂੰ ਡੀਜੀਪੀ ਨੇ ਐੱਨਸੀਆਰਬੀ ਅਤੇ ਹੋਰ ਸਰਕਾਰੀ ਸਰੋਤਾਂ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਸੀ।
ਉਨ੍ਹਾਂ ਨੇ ਐੱਨਸੀਆਰਬੀ ਦੀ 2024 ਦੀ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਤੀ ਲੱਖ ਆਬਾਦੀ ਪਿੱਛੇ ਅਪਰਾਧਾਂ ਦੀ ਦਰ ਪੰਜਾਬ ਵਿੱਚ 153.8 ਸੀ, ਜਦਕਿ ਕੌਮੀ ਔਸਤ 252.3 ਸੀ। ਇਸ ਦੇ ਮੁਕਾਬਲੇ ਹਰਿਆਣਾ ਵਿੱਚ ਇਹ ਦਰ 368.5 ਅਤੇ ਦਿੱਲੀ ਵਿੱਚ 1,258 ਸੀ।
ਸਾਲ 2025 ਦੇ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਪੰਜਾਬ ਵਿੱਚ ਕਤਲ ਦੇ 652 ਮਾਮਲੇ ਦਰਜ ਹੋਏ ਸਨ।
ਹਿੰਸਕ ਅਪਰਾਧਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਕੌਮੀ ਦਰ 52.9 ਸੀ, ਜਦਕਿ ਪੰਜਾਬ ਵਿੱਚ ਇਹ ਦਰ 25 ਸੀ। ਹਰਿਆਣਾ ਅਤੇ ਦਿੱਲੀ ਵਿੱਚ ਇਹ ਅੰਕੜਾ ਕ੍ਰਮਵਾਰ 48.2 ਅਤੇ 57.4 ਸੀ।
ਜਨਤਕ ਸ਼ਾਂਤੀ ਭੰਗ ਕਰਨ ਨਾਲ ਸਬੰਧਤ ਅਪਰਾਧਾਂ ਬਾਰੇ ਡੀਜੀਪੀ ਨੇ ਕਿਹਾ ਕਿ ਇਨ੍ਹਾਂ ਦੀ ਕੌਮੀ ਦਰ 3.2 ਸੀ, ਜਦਕਿ ਪੰਜਾਬ ਵਿੱਚ ਇਹ ਦਰ ਸਿਰਫ਼ 0.2 ਸੀ, ਜੋ ਦੇਸ਼ ਵਿੱਚ ਸਭ ਤੋਂ ਘੱਟ ਹੈ। ਇਸ ਦੇ ਮੁਕਾਬਲੇ ਹਰਿਆਣਾ ਵਿੱਚ ਇਹ ਦਰ 8.7 ਅਤੇ ਦਿੱਲੀ ਵਿੱਚ 0.3 ਸੀ।
ਡੀਜੀਪੀ ਮੁਤਾਬਕ, ਪੰਜਾਬ ਵਿੱਚ ਹਿੰਸਕ ਅਪਰਾਧਾਂ ਦੇ ਮਾਮਲਿਆਂ ਵਿੱਚ ਚਾਰਜਸ਼ੀਟ ਦਾਖ਼ਲ ਕਰਨ ਦੀ ਦਰ 82 ਫ਼ੀਸਦੀ ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਦਰਾਂ ਵਿੱਚੋਂ ਇੱਕ ਹੈ।
ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਕਿ ਸਾਲ 2025 ਅਤੇ 2026 ਦੇ ਦਰਮਿਆਨ ਸੰਗਠਿਤ ਅਪਰਾਧਾਂ ਵਿੱਚ ਲਗਭਗ 38 ਫ਼ੀਸਦੀ ਦੀ ਕਮੀ ਆਈ ਹੈ।
ਬੀਬੀਸੀ ਪੰਜਾਬੀ ਵੱਲੋਂ ਡੀਜੀਪੀ ਗੌਰਵ ਯਾਦਵ ਨਾਲ ਈਮੇਲ ਅਤੇ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਜੇ ਤੱਕ ਸੰਪਰਕ ਕਾਇਮ ਨਹੀਂ ਹੋ ਸਕਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































