ਪ੍ਰੈੱਸ ਰਿਵੀਊ꞉ ਪੇਸ਼ਾਵਰ ਦੇ ਸੈਨਿਕ ਸਕੂਲ ਦੇ ਬੱਚਿਆਂ ਦੇ ਕਤਲ ਦਾ 'ਮੁਲਜ਼ਮ' ਤਾਲਿਬਾਨੀ ਆਗੂ ਹਲਾਕ

ਤਸਵੀਰ ਸਰੋਤ, Getty Images
ਇੱਕ ਅਮਰੀਕੀ ਡਰੋਨ ਹਮਲੇ ਵਿੱਚ ਪਾਬੰਦੀਸ਼ੁਦਾ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਮੁਖੀ ਮੌਲਾਨਾ ਫ਼ਜ਼ਲਉੱਲ੍ਹਾ ਦੀ ਮੌਤ ਹੋ ਗਈ ਹੈ।
ਪਾਕਿਸਤਾਨੀ ਅਖ਼ਬਾਰ ਡਾਨ ਦੀ ਖ਼ਬਰ ਮੁਤਾਬਕ ਅਮਰੀਕਾ ਦੇ ਸਰਾਕਾਰੀ ਰੇਡੀਓ ਨੇ ਤਾਲਿਬਾਨ ਆਗੂ ਦੇ ਮਾਰੇ ਜਾਣ ਦੀ ਗੈਰ ਅਧਿਕਾਰਿਕ ਖ਼ਬਰ ਦਿੱਤੀ ਹੈ।
ਅਖ਼ਬਾਰ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਫ਼ਜ਼ਲ ਪਾਕਿਸਤਾਨ ਨਾਲ ਲਗਦੇ ਅਫ਼ਗਾਨ ਸੂਬੇ ਕੁਨਾਰ ਵਿੱਚ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲਿਆਂ ਵਿੱਚ ਮਾਰਿਆ।
ਕੁਝ ਸਾਲ ਪਹਿਲਾਂ ਪਾਕਿਸਤਾਨ ਦੇ ਪੇਸ਼ਾਵਰ ਸਥਿਤ ਸੈਨਿਕ ਸਕੂਲ ਵਿੱਚ ਹਮਲਾ ਹੋਇਆ ਸੀ ਜਿਸ ਵਿੱਚ 130 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਸੀ, ਇਸ ਹਮਲੇ ਲਈ ਫ਼ਜ਼ਲਉੱਲ੍ਹਾ ਨੂੰ ਜ਼ਿੰਮੇਵਾਰ ਦੱਸਿਆ ਜਾਂਦਾ ਹੈ।

ਤਸਵੀਰ ਸਰੋਤ, Getty Images
ਪੱਤਰਕਾਰ ਬੁਖ਼ਾਰੀ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ
ਸੀਨੀਅਰ ਕਸ਼ਮੀਰੀ ਪੱਤਰਕਾਰ ਸ਼ੁਜਾਤ ਬੁਖ਼ਾਰੀ ਨੂੰ ਕੱਲ੍ਹ ਇਸਲਾਮਿਕ ਰੀਤੀ ਰਿਵਾਜਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਦਫ਼ਨ ਕਰ ਦਿੱਤਾ ਗਿਆ।
ਭਾਰੀ ਮੀਂਹ ਦੇ ਬਾਵਜ਼ੂਦ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਜਨਾਜ਼ੇ ਵਿੱਚ ਸ਼ਾਮਲ ਹੋਏ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਪੁਲਿਸ ਨੇ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਖ਼ਬਰ ਮੁਤਾਬਕ ਫੜ੍ਹੇ ਗਏ ਸ਼ੱਕੀ ਜ਼ੁਬੇਰ ਕਾਦਰੀ ਕੋਲੋਂ ਬੁਖ਼ਾਰੀ ਦੇ ਨਾਲ ਹੀ ਮਾਰੇ ਗਏ ਪੁਲਿਸ ਅਫ਼ਸਰ ਤੋਂ ਚੋਰੀ ਕੀਤੀ ਪਿਸਟਲ ਬਰਾਮਦ ਕਰ ਲਈ ਗਈ ਹੈ।
ਕੈਨੇਡਾ ਵਿੱਚ ਪੰਜਾਬੀ ਬਜ਼ੁਰਗ ਦੀ ਮੌਤ
ਕੈਨੇਡਾ ਵਿੱਚ ਇੱਕ ਭਾਰਤੀ ਬਜ਼ੁਰਗ ਦੀ ਲੁਟੇਰਿਆਂ ਨਾਲ ਹੋਈ ਹੱਥੋਪਾਈ ਵਿੱਚ ਜ਼ਖਮੀ ਹੋਣ ਕਰਕੇ ਮੌਤ ਹੋ ਗਈ।
ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਰੋਪੜ ਦੇ ਅਮਰਜੀਤ ਸਿੰਘ ਲੋਕ ਨਿਰਮਾਣ ਵਿਭਾਗ ਦੇ ਰਿਟਾਇਰਡ ਐਕਸੀਐਨ ਸਨ। ਉਹ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਆਪਣੇ ਬੇਟੇ ਕੋਲ ਰਹਿੰਦੇ ਸਨ। ਉਨ੍ਹਾਂ 'ਤੇ ਸੈਰ ਦੌਰਾਨ ਲੁਟੇਰਿਆਂ ਨੇ ਹਮਲਾ ਕਰ ਦਿੱਤਾ।
ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਡਿੱਗਿਆ
ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਡਿੱਗਣ ਕਰਕੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਪਾਣੀ ਦਾ ਸੰਕਟ ਖੜ੍ਹਾ ਹੋ ਸਕਦਾ ਹੈ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਭਾਖੜਾ ਮੈਨਜਮੈਂਟ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਵਾਰ ਚੰਗੀ ਬਾਰਿਸ਼ ਨਾ ਹੋਈ ਤਾਂ ਖਿੱਤੇ ਵਿੱਚ ਪਾਣੀ ਦੀ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ।
ਖ਼ਬਰ ਮੁਤਾਬਕ ਡੈਮ ਵਿੱਚ ਪਾਣੀ ਦਾ ਪੱਧਰ ਪਿਛਲੇ 15 ਸਾਲਾਂ ਦੌਰਾਨ ਸਭ ਤੋਂ ਘੱਟ ਹੈ। ਵੀਰਵਾਰ ਨੂੰ ਇਹ 1,567 ਫੁੱਟ ਸੀ ਜਦਕਿ ਡੈਮ ਦੀ ਸਮੱਰਥਾ 1,680 ਫੁੱਟ ਹੈ ਪਿਛਲੇ ਸਾਲ ਨਾਲੋਂ ਚਾਰ ਫੁੱਟ ਘੱਟ ਹੈ ।

ਤਸਵੀਰ ਸਰੋਤ, Getty Images
ਚਿੜੀਆਂ ਦੀ ਮੌਤ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਅਧਿਐਨ ਮੁਤਾਬਕ ਭਾਰੀਆਂ ਧਾਤਾਂ ਕਾਰਨ ਘਰੇਲੂ ਚਿੜੀਆਂ (ਸਪੈਰੋ) ਮਰ ਰਹੀਆਂ ਹਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪ੍ਰਦੂਸ਼ਣ ਹੁਣ ਸਿਰਫ਼ ਸਨਅਤ ਤੱਕ ਹੀ ਸੀਮਤ ਨਹੀਂ ਹੈ ਸਗੋਂ ਭੋਜਨ ਲੜੀ ਵਿੱਚ ਸ਼ਾਮਲ ਹੋ ਗਿਆ ਹੈ।
ਖ਼ਬਰ ਮੁਤਾਬਕ ਚਿੜੀਆਂ ਵਿੱਚ ਜ਼ਹਿਰੀਲੀਆਂ ਧਾਤਾਂ ਆਰਸੈਨਿਕ, ਨਿਕਲ, ਕਰੋਮੀਅਮ, ਕੇਡੀਅਮ ਅਤੇ ਜ਼ਿੰਕ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਗਿਆ।
ਇਹ ਨਤੀਜੇ ਪੰਛੀਆਂ ਦੀਆਂ ਬਿੱਠਾਂ ਦੇ ਅਧਿਐਨ ਮਗਰੋਂ ਕੱਢੇ ਗਏ। ਇਸ ਤੋਂ ਪੰਛੀ ਦੇ ਖੇਤੀਬਾੜੀ ਵਾਲੇ ਵਸੇਬੇ ਦੇ ਪ੍ਰਦੂਸ਼ਿਤ ਹੋਣ ਦੇ ਸਬੂਤ ਮਿਲਦੇ ਹਨ।

ਤਸਵੀਰ ਸਰੋਤ, Getty Images
ਪੰਜਾਬੀ ਵਿੱਚ ਰੇਲ ਟਿਕਟਾਂ
ਇਸ ਸਾਲ ਤੋਂ ਭਾਰਤੀ ਨੇ ਕਈ ਸੂਬਿਆਂ ਦੀਆਂ ਸਥਾਨਕ ਬੋਲੀਆਂ ਵਿੱਚ ਟਿਕਟਾਂ ਛਾਪਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਕਰਕੇ ਹੁਣ ਰੇਲ ਟਿਕਟਾਂ ਉੱਪਰ ਅੰਗਰੇਜ਼ੀ ਅਤੇ ਹਿੰਦੀ ਦੇ ਨਾਲ ਪੰਜਾਬੀ ਵਿੱਚ ਵੀ ਛਪਾਈ ਹੋਣ ਲੱਗੀ ਹੈ। ਰੇਲ ਟਿਕਟਾਂ ਉੱਪਰ ਕੰਨੜ ਭਾਸ਼ਾ ਸਭ ਤੋਂ ਪਹਿਲਾਂ ਵਰਤੀ ਗਈ।































