ਉਹ ਖ਼ਾਸ ਖ਼ਬਰਾਂ ਜਿਹੜੀਆਂ ਬਣੀਆਂ ਦੇਸ ਤੇ ਦੁਨੀਆਂ ਵਿੱਚ ਸੁਰਖ਼ੀਆਂ

ਤਸਵੀਰ ਸਰੋਤ, SAT SINGH/BBC
ਬੀਬੀਸੀ ਨਿਊਜ਼ ਪੰਜਾਬੀ 'ਤੇ ਪੜ੍ਹੋ ਟੌਪ 5 ਖ਼ਬਰਾਂ -
ਹਰਿਆਣਾ ਦਾ ਉਹ ਪਿੰਡ ਜਿੱਥੇ ਲੋਕ ਤਿਰੰਗਾ ਨਹੀਂ ਲਹਿਰਾਉਂਦੇ
29 ਮਈ 1857 ਦੇ ਦਿਨ ਹਰਿਆਣਾ ਦੇ ਰੋਹਨਾਤ ਪਿੰਡ ਦੇ ਵਾਸੀਆਂ ਨੇ ਬਰਤਾਨਵੀ ਫੌਜ ਦੀ ਬਦਲਾਖੋਰ ਕਾਰਵਾਈ ਕਰਕੇ ਹੌਲਨਾਕ ਖੂਨ ਖਰਾਬਾ ਦੇਖਿਆ ਸੀ।
ਬਦਲੇ ਦੀ ਅੱਗ ਵਿੱਚ ਈਸਟ ਇੰਡੀਆ ਕੰਪਨੀ ਦੇ ਘੋੜ ਸਵਾਰ ਫੌਜੀਆਂ ਨੇ ਪਿੰਡ ਨੂੰ ਬਿਲਕੁਲ ਹੀ ਤਬਾਹ ਕਰ ਦਿੱਤਾ ਸੀ। ਹਰ ਕੋਈ ਆਪਣੀ ਜਾਨ ਬਚਾਉਣ ਲਈ ਭੱਜਿਆ ਅਤੇ ਪਿੱਛੇ ਛੱਡ ਗਿਆ ਸੜੀ ਹੋਈ ਅਜਿਹੀ ਧਰਤੀ ਜਿਸ 'ਤੇ ਦਹਾਕਿਆਂ ਤੱਕ ਮੁੜ ਕੋਈ ਆਬਾਦ ਨਹੀਂ ਹੋ ਸਕਿਆ।
ਇਸ ਮਗਰੋਂ 1857 ਦਾ ਗਦਰ ਜਾਂ ਫੌਜੀਆਂ ਦੀ ਬਗਾਵਤ ਹੋਈ, ਜਿਸ ਨੂੰ ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ ਵੀ ਕਿਹਾ ਜਾਂਦਾ ਹੈ।
ਰੋਹਨਾਤ ਪਿੰਡ ਹਾਂਸੀ ਸ਼ਹਿਰ ਤੋਂ ਦੱਖਣ-ਪੱਛਮ ਵੱਲ ਕੁਝ ਮੀਲਾਂ ਦੀ ਵਿੱਥ 'ਤੇ ਵਸਿਆ ਹੋਇਆ ਹੈ।
ਪਿੰਡ ਵਾਲਿਆਂ ਵੱਲੋਂ ਬਰਤਾਨਵੀਂ ਅਫ਼ਸਰਾਂ ਦਾ ਪਿੱਛਾ ਕਰਨ ਅਤੇ ਉਨ੍ਹਾਂ ਦਾ ਕਤਲੇਆਮ ਕਰਨ ਦੇ ਬਹਾਦਰੀ ਵਾਲੇ ਕਰਨਾਮੇ ਕਰਕੇ, ਬਰਤਾਨਵੀਂ ਫੌਜਾਂ ਨੇ ਰੋਹਨਾਤ ਨੂੰ ਬਰਬਾਦ ਕਰ ਦਿੱਤਾ।

ਤਸਵੀਰ ਸਰੋਤ, SAT SINGH/BBC
ਇਹ ਅਫ਼ਸਰ ਅੱਗਾਂ ਲੱਗਣ ਅਤੇ ਮਾਰੇ ਜਾਣ ਦੇ ਡਰੋਂ ਮੋਰਚੇ ਛੱਡ ਕੇ ਭੱਜ ਗਏ ਸਨ। ਫੌਜਾਂ ਨੇ ਮਾਸੂਮ ਪਿੰਡ ਵਾਲਿਆਂ ਨੂੰ ਬਾਗੀ ਸਮਝ ਕੇ ਫੜਿਆ। ਉਨ੍ਹਾਂ ਨੇ ਪਿੰਡ ਦਾ ਖੂਹ ਪੂਰ ਦਿੱਤਾ ਅਤੇ ਫੜੇ ਗਏ ਲੋਕਾਂ ਨੂੰ ਫਾਂਸੀ ਦੇ ਦਿੱਤੀ।
ਕਰਨਾਟਕ: ਸਿਰਫ਼ 55 ਘੰਟੇ ਹੀ ਮੁੱਖ ਮੰਤਰੀ ਰਹੇ ਯੇਦੂਰੱਪਾ
ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਕਰਨਾਟਕ ਵਿਧਾਨ ਸਭਾ ਵਿੱਚ ਭਾਜਪਾ ਦੇ ਮੁੱਖ ਮੰਤਰੀ ਯੇਦੂਰੱਪਾ ਨੇ ਬਹੁਮਤ ਸਾਬਤ ਕਰਨ ਸਮੇਂ ਵੋਟਿੰਗ ਤੋਂ ਪਹਿਲਾਂ ਹੀ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ।

ਤਸਵੀਰ ਸਰੋਤ, Getty Images
ਭਾਜਪਾ ਦੇ ਮੁੱਖ ਮੰਤਰੀ ਯੇਦੂਰੱਪਾ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਂਗ ਆਪਣੀ ਦਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਵੋਟਿੰਗ ਤੋਂ ਪਹਿਲਾਂ ਕਿਹਾ ਕਿ ਉਹ ਅਸਤੀਫ਼ਾ ਦੇਣ ਲਈ ਰਾਜਪਾਲ ਕੋਲ ਜਾ ਰਹੇ ਹਨ।
ਬਹੁਮਤ ਸਾਬਤ ਕਰਨ ਤੋਂ ਪਹਿਲਾਂ ਬੀਐਸ ਯੇਦੂਰੱਪਾ ਦੇ ਅਸਤੀਫ਼ੇ ਨਾਲ 15 ਮਈ ਨੂੰ ਹੋਈਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਸ਼ੁਰੂ ਹੋਇਆ ਸਿਆਸੀ ਡਰਾਮਾ ਵੀ ਖ਼ਤਮ ਹੋ ਗਿਆ।
ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ ਪਰ ਬਹੁਮਤ ਦੇ ਅੰਕੜੇ ਨੂੰ ਛੂਹ ਨਾ ਸਕੀ। ਪਾਰਟੀ ਨੂੰ 222 ਵਿਚੋਂ 104 ਸੀਟਾਂ ਮਿਲੀਆਂ, ਪਰ ਰਾਜਪਾਲ ਵਜੂਭਾਈ ਵਾਲਾ ਨੇ ਯੇਦੀਯੁਰੱਪਾ ਨੂੰ ਭਾਜਪਾ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਹਾਲਾਂਕਿ ਉਹ ਆਮ ਬਹੁਮਤ ਨਾਲ 8 ਸੀਟਾਂ ਤੋਂ ਘੱਟ ਸੀ।
ਰਾਜਪਾਲ ਨੇ ਯੇਦੂਰੱਪਾ ਨੂੰ 15 ਦਿਨਾਂ ਤੱਕ ਆਪਣਾ ਬਹੁਮਤ ਸਾਬਤ ਕਰਨ ਲਈ ਸਮਾਂ ਦਿੱਤਾ ਸੀ। ਪਰ ਇਸ ਦੇ ਖਿਲਾਫ, ਕਾਂਗਰਸ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਅਤੇ ਸੁਪਰੀਮ ਕੋਰਟ ਵਿੱਚ ਅੱਧੀ ਰਾਤ ਨੂੰ ਕੇਸ ਸੁਣਿਆ ਗਿਆ। ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਕਿ ਯੇਦੂਰੱਪਾ ਨੂੰ 19 ਮਈ ਨੂੰ ਸ਼ਾਮ 4 ਵਜੇ ਤੱਕ ਬਹੁਮਤ ਸਾਬਤ ਕਰਨਾ ਪਵੇਗਾ।
ਸ਼ਾਹੀ ਵਿਆਹ: ਇੱਕ-ਦੂਜੇ ਦੇ ਹੋਏ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ

ਤਸਵੀਰ ਸਰੋਤ, PA
ਵਿੰਡਸਰ ਮਹਿਲ ਵਿੱਚ ਹੋਏ ਵਿਆਹ ਤੋਂ ਬਾਅਦ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਪਤੀ-ਪਤਨੀ ਬਣ ਚੁੱਕੇ ਹਨ। ਇਸਦੇ ਗਵਾਹ ਗਿਰਜਾਘਰ ਵਿੱਚ ਮੌਜੂਦ 600 ਮਹਿਮਾਨ ਬਣੇ।
ਸੈਂਟ ਜੌਰਜ ਗਿਰਜਾਘਰ ਵਿੱਚ ਮਹਾਰਾਣੀ ਅਤੇ 600 ਮਹਿਮਾਨਾਂ ਸਾਹਮਣੇ ਦੋਵਾਂ ਨੇ ਆਪਸ ਵਿੱਚ ਅੰਗੂਠੀ ਬਦਲੀ ਕੀਤੀ ਅਤੇ ਇਸਾਈ ਰਿਵਾਇਤਾਂ ਮੁਤਾਬਕ ਕਸਮਾਂ-ਵਾਅਦੇ ਕੀਤੇ।
ਸ਼ਾਹੀ ਵਿਆਹ ਦੇ ਮਹਿਮਾਨਾਂ ਵਿੱਚ ਅਮਰੀਕੀ ਟੀਵੀ ਸਟਾਰ ਓਪਰਾ ਵਿਨਫਰੇ ਅਤੇ ਅਦਾਕਾਰ ਇਡਰੀਸ ਅਲਬਾ , ਅਦਾਕਾਰ ਜੌਰਜ ਕਲੂਨੀ ਅਤੇ ਫੁੱਟਬਾਲਰ ਡੇਵਿਡ ਬੇਕਹਮ ਸ਼ਾਮਲ ਹੋਏ।
ਪ੍ਰਿੰਸ ਹੈਰੀ ਨੂੰ ਉਨ੍ਹਾਂ ਦੀ ਦਾਦੀ ਮਹਾਰਾਣੀ ਐਲੀਜ਼ਾਬੇਥ ਵੱਲੋਂ ਡਿਊਕ ਆਫ਼ ਸਸੇਕਸ ਦਾ ਦਰਜਾ ਦਿੱਤਾ ਗਿਆ ਹੈ। ਵਿਆਹ ਤੋਂ ਬਾਅਦ ਹੁਣ ਮੇਘਨ ਮਾਰਕਲ ਡਚੇਜ਼ ਆਫ਼ ਸਸੇਕਸ ਬਣ ਜਾਵੇਗੀ। ਇਸਦੀ ਪੂਰੀ ਜਾਣਕਾਰੀ ਬਕਿੰਗਮ ਪੈਲੇਸ ਨੇ ਜਾਰੀ ਕੀਤੀ ਹੈ।

ਤਸਵੀਰ ਸਰੋਤ, Reuters
ਸ਼ਾਹੀ ਵਿਆਹ ਮੌਕੇ ਸੈਂਟ ਜੌਰਜ ਗਿਰਜਾਘਰ ਨੂੰ ਸਫ਼ੇਦ ਗੁਲਾਬਾਂ, ਵਿਭਿੰਨ ਫੁੱਲਾਂ ਅਤੇ ਬੇਲਾਂ ਨਾਲ ਸਜਾਇਆ ਗਿਆ ਸੀ। ਇਸ ਨੂੰ ਫਲੋਰਲ ਡਿਜ਼ਾਈਨਰ ਫਿਲੀਪਾ ਕਰੈਡਕ ਨੇ ਤਿਆਰ ਕੀਤਾ ਸੀ।
'ਮੈਂ 37 ਸਾਲ ਦੀ ਉਮਰ ਤੱਕ ਕਿਸੇ ਨਾਲ ਸੈਕਸ ਨਹੀਂ ਕੀਤਾ'
ਅੱਜ ਕੱਲ ਇਹ ਆਮ ਧਾਰਨਾ ਹੈ ਕਿ ਲੋਕੀ ਅੱਲ੍ਹੜ ਉਮਰੇ ਹੀ ਵਰਜੈਨਿਟੀ ਗੁਆ ਲੈਂਦੇ ਹਨ ਪਰ ਸਾਰਿਆਂ ਲਈ ਅਜਿਹਾ ਨਹੀਂ ਹੁੰਦਾ। 60 ਸਾਲਾ ਜੋਜ਼ਫ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਬੀਬੀਸੀ ਨਾਲ ਆਪਣੀ ਕਹਾਣੀ ਸਾਂਝੀ ਕੀਤੀ।
ਮੈਂ 37 ਸਾਲਾਂ ਤੱਕ ਕੁਆਰਾ ਰਿਹਾ। ਮੈਨੂੰ ਨਹੀਂ ਪਤਾ ਇਹ ਕਿੰਨਾ ਗੈਰ ਸਾਧਾਰਨ ਹੈ ਪਰ ਮੈਨੂੰ ਆਪਣੇ ਆਪ ਉੱਤੇ ਸ਼ਰਮ ਆਉਂਦੀ ਹੈ।
ਮੈਂ ਇੱਕ ਬੇਹੱਦ ਸ਼ਰਮਾਕਲ ਵਿਅਕਤੀ ਸੀ ਅਤੇ ਇਕੱਲਾ ਰਹਿੰਦਾ ਸੀ। ਕਈ ਕੁੜੀਆਂ ਮੇਰੀਆਂ ਦੋਸਤ ਸਨ ਪਰ ਮੈਂ ਕਦੇ ਵੀ ਆਪਣੇ ਰਿਸ਼ਤਿਆਂ ਨੂੰ ਸਰੀਰਕ ਰਿਸ਼ਤਿਆਂ 'ਚ ਨਹੀਂ ਵਟਾ ਸਕਿਆ।

ਛੇਵੀਂ ਕਲਾਸ ਤੋਂ ਬਾਅਦ ਮੈਂ ਅਕਸਰ ਲੜਕੀਆਂ ਅਤੇ ਔਰਤਾਂ ਨਾਲ ਘਿਰਿਆ ਹੋਇਆ ਸੀ ਪਰ ਮੈਂ ਕਦੇ ਇਸ ਤਰ੍ਹਾਂ ਦੀ ਪਹਿਲ ਨਹੀਂ ਕੀਤੀ ਜੋ ਕਿ ਸ਼ਾਇਦ ਉਸ ਉਮਰ ਮੁਤਾਬਕ ਸਾਧਾਰਨ ਸੀ।
ਜਦੋਂ ਤੱਕ ਮੈਂ ਯੂਨੀਵਰਸਿਟੀ ਪਹੁੰਚਿਆ ਤਾਂ ਮੈਂ ਕਿਸੇ ਨਾਲ ਸਰੀਰਕ ਸੰਬੰਧਾਂ ਦੀ ਉਮੀਦ ਛੱਡ ਚੁੱਕਾ ਸੀ। ਇਸ ਦੀ ਵੱਡੀ ਵਜ੍ਹਾ ਮੇਰੀ ਹੀਣ ਭਾਵਨਾ ਸੀ ਕਿ ਲੋਕਾਂ ਨੂੰ ਮੇਰੇ ਵਿੱਚ ਦਿਲਚਸਪੀ ਹੀ ਨਹੀਂ ਹੋਵੇਗੀ।
ਮੈਂ ਇਕੱਲਾ ਸੀ ਅਤੇ ਪ੍ਰੇਸ਼ਾਨ ਵੀ-ਹਾਲਾਂਕਿ ਉਸ ਸਮੇਂ ਮੈਨੂੰ ਆਪਣੀ ਹਾਲਤ ਦੀ ਸਮਝ ਨਹੀਂ ਸੀ। ਅਜਿਹਾ ਸਰੀਰਕ ਸੰਬੰਧਾਂ ਦੀ ਅਣਹੋਂਦ ਕਰਕੇ ਹੋ ਸਕਦਾ ਹੈ ਪਰ ਇਕੱਲਾਪਣ ਵੀ ਇਸ ਦੀ ਇੱਕ ਵਜ੍ਹਾ ਸੀ।
ਜਦੋਂ ਮੈਂ ਹੁਣ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੇਰੇ ਯਾਦ ਆਉਂਦਾ ਹੈ ਕਿ 20 ਸਾਲ ਦੀ ਉਮਰ ਤੱਕ ਮੇਰੇ ਪਰਿਵਾਰਕ ਜੀਆਂ ਤੋਂ ਇਲਾਵਾ, ਮੈਨੂੰ ਕਿਸੇ ਨੇ ਛੂਹਿਆ ਹੀ ਨਹੀਂ ਸੀ।
ਜੇ ਮੈਂ ਕਿਸੇ ਨੂੰ ਦੇਖਦਾ ਜਿਸ ਵਿੱਚ ਮੈਨੂੰ ਦਿਲਚਸਪੀ ਹੁੰਦੀ ਤਾਂ ਉਤਸ਼ਾਹਿਤ ਮਹਿਸੂਸ ਕਰਨ ਦੀ ਥਾਂ ਮੇਰੀ ਪਹਿਲੀ ਪ੍ਰਤੀਕਿਰਿਆ ਦੁੱਖ ਅਤੇ ਪ੍ਰੇਸ਼ਾਨੀ ਵਾਲੀ ਹੀ ਹੁੰਦੀ। ਮੈਂ ਬੜਾ ਬੇਬੱਸ ਮਹਿਸੂਸ ਕਰਦਾ।
ਮੈਨੂੰ ਨਕਾਰੇ ਜਾਣ ਦਾ ਡਰ ਨਹੀਂ ਸੀ ਹੁੰਦਾ। ਸਗੋਂ ਮੈਨੂੰ ਯਕੀਨ ਹੁੰਦਾ ਸੀ ਕਿ ਕੋਈ ਮੇਰੀ ਖਿੱਚ ਦਾ ਜਵਾਬ ਹੀ ਨਹੀਂ ਦੇਵੇਗੀ।
ਉਹ ਕਹਾਣੀ ਜਿਸ ਨੂੰ ਪੜ੍ਹ ਕੇ ਸਿਕੰਦਰ ਮਹਾਨ ਬਣ ਗਿਆ
ਯੂਨਾਨ ਦੇ ਸਮਰਾਟ ਸਿਕੰਦਰ ਨੂੰ ਦੁਨੀਆਂ ਸਿਕੰਦਰ ਮਹਾਨ ਜਾਂ 'ਅਲੈਗਜ਼ੈਂਡਰ ਦਿ ਗਰੇਟ' ਕਹਿੰਦੀ ਹੈ।
ਅਸੀਂ, ਤੁਸੀਂ ਸਿਕੰਦਰ ਨੂੰ ਮਹਾਨ ਇਸ ਲਈ ਕਹਿੰਦੇ ਹਾਂ ਕਿ ਉਸ ਨੇ ਬਹੁਤ ਘੱਟ ਸਮੇਂ ਵਿੱਚ ਯੂਰਪ ਤੋਂ ਲੈ ਕੇ ਏਸ਼ੀਆ ਤੱਕ ਆਪਣੀ ਸੱਤਾ ਦਾ ਵਿਸਤਾਰ ਕਰ ਲਿਆ ਸੀ।
ਸਿਰਫ਼ 32 ਸਾਲ ਦੀ ਉਮਰ ਵਿੱਚ ਮਰਨ ਤੋਂ ਪਹਿਲਾਂ ਸਿਕੰਦਰ ਨੇ ਗਰੀਸ ਦੇ ਸਦੀਆਂ ਪੁਰਾਣੇ ਦੁਸ਼ਮਣ ਫ਼ਾਰਸ ਨੂੰ ਆਪਣੀ ਫੌਜ ਅੱਗੇ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਉਸ ਨੇ ਸੱਭਿਆਤਾਵਾਂ ਦੇ ਕੇਂਦਰ ਰਹੇ ਮੱਧ-ਪੂਰਬ ਯਾਨਿ ਅੱਜ ਦੇ ਤਮਾਮ ਅਰਬ ਦੇਸਾਂ 'ਤੇ ਆਪਣੀ ਹਕੂਮਤ ਕਾਇਮ ਕਰ ਲਈ ਸੀ।

ਤਸਵੀਰ ਸਰੋਤ, REBECCA HENDIN
ਸਿਕੰਦਰ ਦੇ ਮਹਾਨ ਬਣਨ ਅਤੇ ਐਨੀ ਕਾਮਯਾਬੀ ਹਾਸਲ ਕਰਨ ਵਿੱਚ ਸਭ ਤੋਂ ਵੱਡਾ ਰੋਲ ਉਸਦੇ ਉਸਤਾਦ ਅਰਸਤੂ ਦੀ ਦਿੱਤੀ ਹੋਈ ਸਿੱਖਿਆ ਮੰਨੀ ਜਾਂਦੀ ਹੈ।































