ਮੁਹਾਲੀ 'ਚ ਪਿਓ ਵਲੋਂ ਗਰੀਬੀ ਕਰਕੇ ਧੀ ਨੂੰ ਵੇਚਣ ਦਾ ਮਾਮਲਾ ਕਿੰਨਾ ਸੱਚਾ

ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੀ ਪੁਲਿਸ ਨੇ ਇੱਕ ਪਿਓ ਨੂੰ ਆਪਣੀ ਨਵਜੰਮੀ ਬੱਚੀ ਵੇਚਣ ਦੇ ਇਲਜ਼ਾਮ ਅਧੀਨ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੇ ਦਾਅਵੇ ਮੁਤਾਬਕ ਪਿਓ ਨੇ ਨਵਜੰਮੀ ਬੱਚੀ ਨੂੰ ਵੇਚ ਕੇ ਆਪਣੀ ਗ਼ਰੀਬੀ ਦੂਰ ਕਰਨ ਦਾ ਫ਼ੈਸਲਾ ਕੀਤਾ ਸੀ।
ਮੁਹਾਲੀ ਪੁਲਿਸ ਦੇ ਜਾਂਚ ਅਫ਼ਸਰ ਨਵੀਨਪਾਲ ਸਿੰਘ ਲਹਿਲ ਮੁਤਾਬਕ ਕਰੀਬ 35 ਸਾਲ ਦੇ ਜਸਪਾਲ ਸਿੰਘ ਦਾ ਅਸਲ ਪਿੰਡ ਭਿੱਖੀਵਿੰਡ ਹੈ ਅਤੇ ਅੱਜਕੱਲ੍ਹ ਉਹ ਮੁਹਾਲੀ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ।
ਜਸਪਾਲ ਸਿੰਘ ਦੇ ਪਹਿਲਾਂ ਹੀ ਦੋ ਮੁੰਡੇ (ਦਸ ਅਤੇ ਪੰਜ ਸਾਲ ) ਹਨ ਅਤੇ ਪਿਛਲੇ ਦਿਨੀਂ ਹੀ ਉਸ ਦੀ ਪਤਨੀ ਨੇ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਇੱਕ ਧੀ ਨੂੰ ਜਨਮ ਦਿੱਤਾ।
ਜਨਮ ਤੋਂ ਥੋੜ੍ਹੀ ਦੇਰ ਬਾਅਦ ਜਸਪਾਲ ਸਿੰਘ ਨੇ ਆਪਣੀ ਨਵਜੰਮੀ ਬੇਟੀ ਨੂੰ ਤੋਲੀਏ ਵਿੱਚ ਲਪੇਟਿਆ ਅਤੇ ਪੋਲੀਥੀਨ ਦੇ ਲਿਫ਼ਾਫ਼ੇ ਵਿੱਚ ਪਾ ਕੇ ਉਸ ਨੂੰ ਹਸਪਤਾਲ ਤੋਂ ਬਾਹਰ ਲੈ ਗਿਆ।
ਲਹਿਲ ਮੁਤਾਬਕ ਲੜਕੀ ਨੂੰ ਵੇਚਣ ਦੇ ਇਰਾਦੇ ਨਾਲ ਜਸਪਾਲ ਸਿੰਘ ਸਭ ਤੋਂ ਪਹਿਲਾਂ ਉਸ ਨੂੰ ਇੱਕ ਨਿੱਜੀ ਹਸਪਤਾਲ ਵਿਚ ਲੈ ਗਿਆ, ਜਿੱਥੇ ਉਸ ਨੂੰ ਕੋਈ ਖ਼ਰੀਦਦਾਰ ਨਹੀਂ ਮਿਲਿਆ। ਇਸ ਤੋਂ ਬਾਅਦ ਉਹ ਲੜਕੀ ਨੂੰ ਮੁਹਾਲੀ ਦੇ ਸਿਵਲ ਹਸਪਤਾਲ ਵਾਪਸ ਲੈ ਆਇਆ।
ਲ਼ਿਫਾਫੇ ਵਿੱਚ ਇੱਕ ਨਵਜੰਮੀ ਬੱਚੀ
ਪੁਲਿਸ ਮੁਤਾਬਕ ਹਸਪਤਾਲ ਜਸਪਾਲ ਸਿੰਘ ਨੇ ਹਸਪਤਾਲ ਦੇ ਡਾਕਟਰ ਨਾਲ ਬੱਚੀ ਨੂੰ ਵੇਚਣ ਦੀ ਗੱਲ ਕੀਤੀ। ਡਾਕਟਰ ਨੇ ਦੇਖਿਆ ਕਿ ਜਸਪਾਲ ਸਿੰਘ ਦੇ ਹੱਥ ਵਿੱਚ ਇੱਕ ਲ਼ਿਫਾਫਾ ਹੈ ਜਿਸ ਵਿਚ ਇੱਕ ਨਵਜੰਮੀ ਬੱਚੀ ਪਈ ਹੈ।

ਪੁਲਿਸ ਦੇ ਇਲਜ਼ਾਮ ਮੁਤਾਬਕ ਜਸਪਾਲ ਸਿੰਘ ਨੇ ਕਥਿਤ ਤੌਰ 'ਤੇ ਆਪਣੀ ਆਰਥਿਕ ਤੰਗੀ ਕਰਕੇ ਡਾਕਟਰ ਨੂੰ ਆਪਣੀ ਬੱਚੀ ਵੇਚਣ ਦੀ ਗੱਲ ਆਖੀ, ਜਿਸ ਨੂੰ ਸੁਣ ਕੇ ਇੱਕ ਵਾਰ ਤਾਂ ਡਾਕਟਰ ਹੈਰਾਨ ਹੋ ਗਿਆ।
ਡਾਕਟਰ ਨੇ ਤੁਰੰਤ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮੁਹਾਲੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਮੇਂ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਤਾਂ ਬੱਚੀ ਦੀ ਸਰੀਰਕ ਹਾਲਤ ਕਾਫ਼ੀ ਨਾਜ਼ੁਕ ਸੀ। ਫ਼ਿਲਹਾਲ ਬੱਚੀ ਦਾ ਮੁਹਾਲੀ ਦੇ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਜਿੱਥੇ ਉਸ ਦੀ ਮਾਂ ਵੀ ਦਾਖਲ ਹੈ।
ਅਣ-ਸੁਲਝੇ ਸਵਾਲ
ਹਸਪਤਾਲ ਦੀਆਂ ਨਰਸਾਂ ਵੱਲੋਂ ਬੱਚੀ ਦਾ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ। ਫ਼ਿਲਹਾਲ ਜਸਪਾਲ ਸਿੰਘ ਨਿਆਂਇਕ ਹਿਰਾਸਤ ਵਿੱਚ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਜਸਪਾਲ ਸਿੰਘ ਚੰਡੀਗੜ੍ਹ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਦਸ ਹਜ਼ਾਰ ਰੁਪਏ ਪ੍ਰਤੀ ਮਹੀਨੇ 'ਤੇ ਮੁਲਾਜ਼ਮ ਹੈ।
ਇਹ ਸਮੁੱਚਾ ਮਾਮਲਾ ਪੂਰੀ ਤਰ੍ਹਾਂ ਪੰਜਾਬ ਪੁਲਿਸ ਦੀ ਥਿਊਰੀ/ਦਾਅਵੇ 'ਤੇ ਆਧਾਰਿਤ ਹੈ। ਫੜ੍ਹਿਆ ਗਿਆ ਜਸਪਾਲ ਸਿੰਘ ਅਦਾਲਤੀ ਰਿਮਾਂਡ ਉੱਤੇ ਹੈ ਅਤੇ ਬੱਚੀ ਦੀ ਮਾਂ ਹਸਪਤਾਲ ਵਿੱਚ ਜ਼ੇਰੇ- ਇਲਾਜ ਹੈ। ਜਿਸ ਕਾਰਨ ਉਨ੍ਹਾਂ ਦਾ ਪੱਖ ਸਾਹਮਣੇ ਨਹੀਂ ਆ ਸਕਿਆ ਹੈ।
ਇਸ ਮਾਮਲੇ ਦਾ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਕੋਈ ਬੰਦਾ ਨਵਜੰਮੇ ਬੱਚੇ ਨੂੰ ਲਿਫ਼ਾਫੇ ਵਿੱਚ ਪਾਕੇ ਸ਼ਹਿਰ ਵਿੱਚ ਬਿਨਾਂ ਕਿਸੇ ਨਾਲ ਅਗਾਊਂ ਗੱਲਬਾਤ ਕੀਤੇ ਵੇਚਣ ਕਿਵੇਂ ਤੁਰ ਸਕਦਾ ਹੈ। ਬੱਚਾ ਕੋਈ ਸਬਜ਼ੀ ਜਾਂ ਖਿਡੌਣਾ ਤਾਂ ਹੈ ਨਹੀਂ ਜਿਸ ਨੂੰ ਕੋਈ ਵੀ ਖਰੀਦ ਲਵੇਗਾ।
ਪੁਲਿਸ ਅਜੇ ਇਸ ਗੱਲ ਵੀ ਜਾਂਚ ਕਰ ਰਹੀ ਹੈ ਕਿ ਬੱਚੀ ਸੱਚਮੁੱਚ ਜਸਪਾਲ ਸਿੰਘ ਦੀ ਸੀ ਜਾਂ ਕਿਸੇ ਹੋਰ ਦੀ ਹੈ। ਇਸ ਮਾਮਲੇ ਵਿੱਚ ਕੁੜੀ ਨੂੰ ਵੇਚਣ ਪਿੱਛੇ ਆਰਥਿਕਤਾ ਹੀ ਮਸਲਾ ਸੀ ਇਹ ਵੀ ਅਜੇ ਜਾਂਚ ਦਾ ਮੁੱਦਾ ਹੈ।
ਪੰਜਾਬ ਵਿਚ ਲਿੰਗ ਅਨੁਪਾਤ
ਜੇਕਰ ਪੰਜਾਬ ਵਿੱਚ ਲਿੰਗ ਅਨੁਪਾਤ ਅਤੇ ਭਰੂਣ ਹੱਤਿਆਵਾਂ ਦੇ ਅੰਕੜਿਆਂ 'ਤੇ ਗ਼ੌਰ ਕੀਤੇ ਜਾਵੇ ਦੇਸ਼ ਦੇ ਬਾਕੀ ਰਾਜਾਂ ਦੇ ਮੁਕਾਬਲੇ ਇੱਥੇ ਸਥਿਤੀ ਕਾਫ਼ੀ ਮਾੜੀ ਹੈ। ਸਾਲ 2011 ਦੀ ਜਨਗਣਨਾ ਅਨੁਸਾਰ ਸੂਬੇ ਵਿੱਚ 1000 ਮਰਦਾਂ ਦੇ ਮੁਕਾਬਲੇ 895 ਔਰਤਾਂ ਹਨ।































